ਰੋਹਿਤ ਗੁਪਤਾ
ਗੁਰਦਾਸਪੁਰ 17 ਜਨਵਰੀ ਅਜੰਸੀਆਂ ਤੋਂ ਮਿਲਿਆ ਇਨਪੁਟ ਦੇ ਅਧਾਰ ਤੇ ਡੀਜੀਪੀ ਪੰਜਾਬ ਵੱਲੋਂ ਰਾਜ ਵਿੱਚ ਘੋਸ਼ਿਤ ਕੀਤੇ ਗਏ ਹਾਈ ਅਲਰਟ ਦੇ ਚਲਦਿਆਂ ਥਾਨਾ ਸਿਟੀ ਪੁਲਿਸ ਵੱਲੋਂ ਸਾਰੇ ਸ਼ਹਿਰ ਨੂੰ ਸੀਲ ਕਰਕੇ ਚੈਕਿੰਗ ਮੁਹਿੰਮ ਚਲਾਈ ਗਈ। ਦੇਰ ਰਾਤ ਤਕ ਚਲੀ ਇਸ ਮੁਹਿੰਮ ਦੇ ਚਲਦਿਆਂ ਸ਼ਹਿਰ ਦੇ ਬਾਹਰੀ ਇਲਾਕਿਆਂ ਵਿੱਚ ਲੱਗੇ ਨਾਕਿਆਂ ਤੇ ਤੈਨਾਤ ਪੁਲਿਸ ਕਰਮਚਾਰੀਆਂ ਨੂੰ ਵੀ ਮੁਸਤੈਦੀ ਨਾਲ ਗੱਡੀਆਂ ਦੀ ਚੈਕਿੰਗ ਕਰਨ ਦੇ ਨਿਰਦੇਸ਼ ਦਿੱਤੇ ਗਏ ਅਤੇ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿੱਚ ਵੀ ਮੁਸਤੈਦੀ ਨਾਲ ਚੈਕਿੰਗ ਕੀਤੀ ਗਈ।
ਡੀਐਸਪੀ ਸਿਟੀ ਰਿਪੁਤਪਨ ਸਿੰਘ ਨੇ ਦੱਸਿਆ ਕਿ ਡੀ ਜੀ ਪੀ ਪੰਜਾਬ ਅਤੇ ਐਸਐਸਪੀ ਗੁਰਦਾਸਪੁਰ ਦੀਪਕ ਹਿਲੋਰੀ ਦੇ ਦਿਸ਼ਾ ਨਿਰਦੇਸ਼ਾਂ ਤੇ 26 ਜਨਵਰੀ ਦੇ ਮੱਦੇਨਜ਼ਰ ਪੁਲਿਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਦੇ ਤਹਿਤ ਬੱਸ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ਤੇ ਮੁਸਤੈਦੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਨਜ਼ਰ ਆਉਣ ਵਾਲੇ ਵਿਅਕਤੀਆਂ ਤੇ ਵੀ ਖਾਸ ਨਜ਼ਰ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਪੁਲਿਸ ਦਾ ਸਹਿਯੋਗ ਕਰਨ ਲਈ ਜਾਗਰੂਕ ਕਰਨ, ਉਨ੍ਹਾਂ ਦੇ ਮਨਾਂ ਵਿੱਚੋਂ ਅਸਮਾਜਿਕ ਤੱਤਾਂ ਬਾਰੇ ਫੈਲਿਆ ਡਰ ਕੱਢਣ ਅਤੇ ਕਿਸੇ ਸ਼ੱਕੀ ਵਸਤੂ ਜਾਂ ਵਿਅਕਤੀ ਦੀ ਸੂਚਨਾ ਪੁਲਿਸ ਨੂੰ ਦੇਣ ਦੀ ਅਪੀਲ ਕਰਦਿਆਂ ਸ਼ਹਿਰ ਵਿਚ ਲਗਾਤਾਰ ਫਲੈਗ ਮਾਰਚ ਵੀ ਕੱਢੇ ਜਾ ਰਹੇ ਹਨ। ਉਨਾਂ ਦੱਸਿਆ ਕਿ ਸੀਮਾ ਪਾਰ ਤੋ ਂ ਚੱਲ ਰਹੀਆਂ ਦੇਸ਼ ਵਿਰੋਧੀ ਗਤੀਵਿਧੀਆਂ ਅਤੇ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਲਈ ਵੀ ਪੁਲਿਸ ਸੀਮਾ ਸੁਰੱਖਿਆ ਬਲਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ।
ਰਿਪੁਤਪਨ ਸਿੰਘ ਡੀਐਸਪੀ ਸਿਟੀ l

