ਗੁਰਦਾਸਪੁਰ ਤਾਰਾਗੜ੍ਹ ,ਸੋਹਨ ਲਾਲ/ਸੁਸ਼ੀਲ ਕੁਮਾਰ ਬਰਨਾਲਾ -:
ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨਰੋਟ ਜੈਮਲ ਸਿੰਘ ਸ੍ਰੀਮਤੀ ਰਿਸ਼ਮਾਂ ਦੇਵੀ ਨੂੰ ਸ਼ਾਨਦਾਰ ਸੇਵਾਵਾਂ ਦੇ ਬਦਲੇ ਬਲਾਕ ਨਰੋਟ ਜੈਮਲ ਸਿੰਘ ਦੇ ਸਮੂਹ ਸਟਾਫ਼ ਅਤੇ ਸਮੂਹ ਅਧਿਆਪਕਾਂ ਵੱਲੋਂ ਜਿਲ੍ਹਾ ਸਿਖਿਆ ਅਫਸਰ ਮੈਡਮ ਕਮਲਜੀਤ ਕੌਰ ਦੀ ਅਗਵਾਈ ਵਿੱਚ ਉਨ੍ਹਾਂ ਦੀ ਸੇਵਾ ਮੁਕਤੀ ‘ਤੇ ਵਿਦਾਇਗੀ ਸਮਾਰੋਹ ਦਾ ਆਯੋਜਨ ਕਰ ਨਿੱਘੀ ਵਿਦਾਇਗੀ ਦਿੱਤੀ ਗਈ। ਸਮਰੋਹ ਦੌਰਾਨ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਜਿਲ੍ਹਾ ਸਿਖਿਆ ਅਫਸਰ ਮੈਡਮ ਕਮਲਜੀਤ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡੀਜੀ ਸਿੰਘ ਨੇ ਕਿਹਾ ਕਿ ਬੀਪੀਈਓ ਰਿਸ਼ਮਾਂ ਦੇਵੀ ਨੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਕਰਦੇ ਹੋਏ ਸਿਖਿਆ ਵਿਭਾਗ ਵਲੋਂ ਦਿੱਤੀ ਗਈ ਕਿਸੇ ਵੀ ਤਰ੍ਹਾਂ ਦੀ ਜਿੰਮੇਵਾਰੀ ਨੂੰ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਪੂਰਾ ਕੀਤਾ ਹੈ ਇਸ ਲਈ ਉਹ ਵਧਾਈ ਦੇ ਪਾਤਰ ਹਨ।ਇਸ ਮੌਕੇ ਤੇ ਦੋਵੇਂ ਸਿਖਿਆ ਅਧਿਕਾਰੀਆਂ ਨੇ ਕਿਹਾ ਕਿ ਇਸ ਸਮਾਗਮ ਵਿੱਚ ਹਾਜ਼ਰ ਅਸੀ ਸਾਰੇ ਬੀਪੀਈਓ ਰਿਸ਼ਮਾਂ ਦੇਵੀ ਦੀ ਤੰਦਰੁਸਤੀ ਅਤੇ ਲੰਬੀ ਉਮਰ ਦੀ ਦੁਆ ਕਰਦੇ ਹਾਂ ਅਤੇ ਆਪਣੇ ਆਪ ਨੂੰ ਭਾਗਾਂ ਵਾਲੇ ਮਹਿਸੂਸ ਕਰਦੇ ਹਾਂ ਕਿ ਇਹਨਾਂ ਵਰਗੇ ਨਿਧੜਕ, ਮਿਹਨਤੀ, ਬੁੱਧੀਮਾਨ, ਸਮਰਪਿਤ, ਦੂਰਦਰਸ਼ੀ, ਸੁਯੋਗ ਪ੍ਰਬੰਧਕੀ ਅਧਿਕਾਰੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਦੱਸਿਆ ਕਿ ਬੀਪੀਈਓ ਸ੍ਰੀਮਤੀ ਰਿਸ਼ਮਾਂ ਦੇਵੀ ਵੱਲੋਂ ਬਲਾਕ ਦੇ ਸਾਰੇ ਸਕੂਲਾਂ ਨੂੰ ਮਿਹਨਤੀ ਅਧਿਆਪਕਾਂ ਦੇ ਸਹਿਯੋਗ ਸਦਕਾ ਸਮਾਰਟ ਸਕੂਲਾਂ ਚ ਤਬਦੀਲ ਕਰਵਾਇਆ ਗਿਆ ਹੈ, ਮਿਸ਼ਨ ਸੌ ਫੀਸਦ, ਦਾਖ਼ਲਿਆਂ ਵਿੱਚ ਰਿਕਾਰਡ ਤੋੜ ਵਾਧਾ, ਵਧੀਆਂ ਨਤੀਜੇ, ਖੇਡਾਂ ਅਤੇ ਵਿੱਦਿਅਕ ਮੁਕਾਬਲਿਆਂ ‘ਚ ਬਲਾਕ ਨਰੋਟ ਜੈਮਲ ਸਿੰਘ ਦੀ ਚੰਗੀਆਂ ਪ੍ਰਾਪਤੀਆਂ ਬਦਲੇ ਸਿੱਖਿਆ ਵਿਭਾਗ ਵੱਲੋਂ ਵੀ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਵੱਲੋਂ ਬਲਾਕ ਦੇ ਅਧਿਆਪਕਾਂ ਨੂੰ ਬਹੁਤ ਹੀ ਆਪਣੱਤ ਰਾਹੀਂ ਪ੍ਰੇਰਨਾ ਦੇ ਕੇ ਚੰਗੇ ਤੇ ਉਸਾਰੂ ਕੰਮ ਕਰਵਾਏ ਗਏ।ਇਸ ਮੌਕੇ ਤੇ ਬਲਾਕ ਦੇ ਸਮੂਹ ਅਧਿਆਪਕਾਂ ਵਲੋਂ
ਉਨ੍ਹਾਂ ਦੇ ਸਨਮਾਨ ਵਿੱਚ ਸੇਵਾ ਮੁਕਤੀ ਤੇ ਸਨਮਾਨ ਚਿੰਨ੍ਹ ਅਤੇ ਹੋਰ ਅਨੇਕਾਂ ਤੋਹਫੇ ਦੇ ਕੇ ਵਿਦਾਇਗੀ ਪਾਰਟੀ ਦਿੱਤੀ ਗਈ।ਇਸ ਮੌਕੇ ਤੇ ਬੀਪੀਈਓ ਰਿਸ਼ਮਾਂ ਦੇਵੀ ਨੇ ਉਨ੍ਹਾ ਦਾ ਬਹੁਤ ਜਿਆਦਾ ਮਾਨ ਸਨਮਾਨ ਕਰਨ ਤੇ ਹਾਜਰ ਸਮੂਹ ਅਧਿਕਾਰੀਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਪੰਕਜ ਕੁਮਾਰ ਘਰੋਟਾ , ਨਰੇਸ਼ ਪਨਿਆੜ, ਕੁਲਦੀਪ ਸਿੰਘ, ਰਾਕੇਸ਼ ਠਾਕੁਰ (ਸਾਰੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ) ਅਤੇ ਬਲਾਕ ਨਰੋਟ ਜੈਮਲ ਸਿੰਘ ਅਤੇ ਬਮਿਆਲ ਦੇ ਸਮੂਹ ਅਧਿਆਪਕ ਅਤੇ ਦਫਤਰੀ ਸਟਾਫ ਦੇ ਕਰਮਚਾਰੀ ਹਾਜ਼ਰ ਸਨ।