ਦੀਨਾਨਗਰ 12 ਅਗਸਤ (DamanPreet singh)
ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਉਪੱਰ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਲਾਏ ਜਾ ਰਹੇ ਦੋਸ਼ਾਂ ਦੀ ਅੱਜ ਆਮ ਆਦਮੀ ਪਾਰਟੀ ਦੀਨਾਨਗਰ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਜੋਰਦਾਰ ਨਿਖੇਧੀ ਕੀਤੀ ਅਤੇ ਇਸਨੂੰ ਸੱਤਾ ਤੋਂ ਲਾਂਭੇ ਹੋ ਚੁੱਕੇ ਵਿਰੋਧੀ ਪਾਰਟੀਆਂ ਦੇ ਚੰਦ ਲੋਕਾਂ ਦੀ ਸਾਜਿਸ਼ ਕਰਾਰ ਦਿੱਤਾ।
ਇਹ ਗੱਲਾਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਅੱਬਲਖੈਰ ਸਥਿਤ ਪਾਰਟੀ ਦਫਤਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਹੀਆਂ। ਸ਼ਮਸ਼ੇਰ ਸਿੰਘ ਨੇ ਕਿਹਾ ਕਿ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਇਕ ਇਮਾਨਦਾਰ ਤੇ ਜਮੀਨ ਨਾਲ ਜੁੜੇ ਹੋਏ ਮਿਹਨਤੀ ਆਗੂ ਹਨ, ਜਿਨਾਂ ਨੇ ਸਾਰਾ ਜੀਵਨ ਗਰੀਬ ਤੇ ਲਤਾੜੇ ਹੋਏ ਲੋਕਾਂ ਲਈ ਸੰਘਰਸ਼ ਕੀਤਾ ਹੈ। ਇੱਥੋਂ ਤੱਕ ਕਿ ਦੋ ਦਹਾਕੇ ਤੋਂ ਵੀ ਵੱਧ ਸਮਾਂ ਪਿੰਡ ਕਟਾਰੂਚੱਕ ਦੀ ਸਰਪੰਚੀ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਪਰਿਵਾਰ ਦੇ ਕੋਲ ਹੋਣ ਦੇ ਬਾਵਜੂਦ ਵੀ ਕਦੇ ਉਹਨਾਂ ਉੱਪਰ ਭ੍ਰਿਸ਼ਟਾਚਾਰ ਦਾ ਕੋਈ ਦੋਸ਼ ਨਹੀਂ ਲੱਗਾ ਅਤੇ ਉਹਨਾਂ ਨੇ ਪਿੰਡ ਦੇ ਲੋਕਾਂ ਦੀ ਭਲਾਈ ਲਈ ਇਮਾਨਦਾਰੀ ਨਾਲ ਕੰਮ ਕੀਤਾ ਹੈ।
ਸ਼ਮਸ਼ੇਰ ਸਿੰਘ ਨੇ ਕਿਹਾ ਕਿ ਇਕ ਗਰੀਬ ਪਰਿਵਾਰ ਵਿੱਚ ਜਨਮੇਂ ਅਤੇ ਦੋ ਕਮਰਿਆਂ ਦੇ ਘਰ ਵਿੱਚ ਰਹਿਣ ਵਾਲੇ ਲਾਲ ਚੰਦ ਕਟਾਰੂਚੱਕ ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਦੇ ਵੱਡੇ ਅਹੁਦੇ ਤੇ ਬਿਰਾਜਮਾਨ ਹੋਏ ਹਨ ਤਾਂ ਵਿਰੋਧੀ ਪਾਰਟੀਆਂ ਨੂੰ ਇਕ ਗਰੀਬ ਦਲਿਤ ਪਰਿਵਾਰ ਦੇ ਵਿਅਕਤੀ ਦਾ ਉੱਚੇ ਅਹੁਦੇ ਤੇ ਬੈਠਣਾ ਬਰਦਾਸ਼ਤ ਨਹੀਂ ਹੋ ਰਿਹਾ ਅਤੇ ਇਸ ਲਈ ਹੀ ਉਹਨਾਂ ਦੇ ਖਿਲਾਫ ਝੂਠਾ ਪ੍ਰੋਪੇਗੰਡਾ ਰਚ ਕੇ ਉਹਨਾਂ ਨੂੰ ਬਦਨਾਮ ਕਰਨ ਦੀਆਂ ਸਾਜਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਪਿੰਡ ਦੀ ਜਿਸ ਜਮੀਨ ਉੱਤੇ ਕਬਜੇ ਨਾਲ ਕਟਾਰੂਚੱਕ ਦਾ ਨਾਂ ਜੋੜਿਆ ਜਾ ਰਿਹਾ ਹੈ ਉਹ ਖਾਲੀ ਪਈ ਸਰਕਾਰੀ ਜਮੀਨ ਲਾਲ ਚੰਦ ਕਟਾਰੂਚੱਕ ਵੱਲੋਂ ਕੈਬਨਿਟ ਮੰਤਰੀ ਬਨਣ ਦੇ ਮਗਰੋਂ ਉਹਨਾਂ ਦੇ ਘਰ ਦੂਰੋਂ ਦੂਰੋਂ ਮਿਲਣ ਲਈ ਆਉਣ ਵਾਲੇ ਲੋਕਾਂ ਦੇ ਸਿਰਫ ਬੈਠਣ ਲਈ ਆਰਜੀ ਸ਼ੈਡ ਦੇ ਰੂਪ ਵਿੱਚ ਵਰਤੀ ਜਾ ਰਹੀ ਹੈ ਕਿਉਂਕਿ ਲਾਲ ਚੰਦ ਕਟਾਰੂਚੱਕ ਕੋਲ ਕੋਈ ਅਜਿਹਾ ਵੱਡਾ ਘਰ ਨਹੀਂ ਹੈ ਜਿੱਥੇ ਉਹਨਾਂ ਨੂੰ ਕੰਮਾਂ ਕਾਰਾਂ ਲਈ ਬਾਹਰੋਂ ਮਿਲਣ ਲਈ ਆਉਣ ਵਾਲੇ ਲੋਕਾਂ ਨੂੰ ਬਿਠਾਇਆ ਜਾ ਸਕੇ। ਇਸ ਲਈ ਉਕਤ ਜਮੀਨ ਲੋਕਾਂ ਦੀ ਭਲਾਈ ਲਈ ਹੀ ਵਰਤੀ ਜਾ ਰਹੀ ਹੈ ਜਿਸ ਉਪੱਰ ਕਿਸੇ ਵੀ ਤਰ੍ਹਾਂ ਲਾਲ ਚੰਦ ਕਟਾਰੂਚੱਕ ਦੇ ਪਰਿਵਾਰ ਦਾ ਕਬਜਾ ਨਹੀਂ ਹੈ। ਇਕ ਸਵਾਲ ਦੇ ਜਵਾਬ ਵਿੱਚ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਸਾਫ ਕੀਤਾ ਹੈ ਪਿੰਡ ਗੋਲ ਦੀ 92 ਏਕੜ ਪੰਚਾਇਤੀ ਜਮੀਨੇ ਦੇ ਘੁਟਾਲੇ ਦੇ ਮਾਮਲੇ ਵਿੱਚ ਵੀ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਪਰਿਵਾਰ ਜਾਂ ਰਿਸ਼ਤੇਦਾਰ ਦਾ ਕੋਈ ਨਾਂ ਨਹੀਂ ਹੈ ਸਗੋਂ ਇਹ ਪਿਛਲੀਆਂ ਸਰਕਾਰਾਂ ਵੇਲੇ ਦੇ ਉਕਤ ਜਮੀਨ ਦੇ ਕਾਬਜਕਾਰ ਲੋਕਾਂ ਦਾ ਸਰਕਾਰ ਨਾਲ ਜਮੀਨੀ ਵਿਵਾਦ ਸੀ, ਜਿਸਦੇ ਫੈਸਲੇ ਲਈ ਸਿਰਫ ਸਬੰਧਤ ਅਧਿਕਾਰੀ ਹੀ ਜਿੰਮੇਵਾਰ ਹਨ। ਜਿਨ੍ਹਾਂ ਦੇ ਖਿਲਾਫ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਬਿਨਾਂ ਕਿਸੇ ਦੇਰੀ ਦੇ ਕਾਰਵਾਈ ਅਮਲ ਵਿੱਚ ਲਿਆਂਦੀ ਹੈ।
ਤਸਵੀਰ-12ਦੀਨਾ1-ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ।
