ਗਲੋਬਲ ਹੈਲਥ ਸਪਲਾਈ ਚੇਨ ਸੰਮੇਲਨ ਵਿੱਚ ਪੰਜਾਬ ਨੂੰ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਪਹਿਲਾ ਇਨਾਮ ਮਿਲਣ ’ਤੇ ਚੇਅਰਮੈਨ ਰਮਨ ਬਹਿਲ ਨੇ ਸੂਬਾ ਵਾਸੀਆਂ ਨੂੰ ਵਧਾਈ ਦਿੱਤੀ

ਗੁਰਦਾਸਪੁਰ ਪੰਜਾਬ ਮਾਝਾ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਿਹਤ ਸੇਵਾਵਾਂ ਦੇ ਖੇਤਰ ’ਚ ਦੁਨੀਆਂ ਭਰ ਵਿੱਚ ਮਿਸਾਲ ਕਾਇਮ ਕੀਤੀ

ਗੁਰਦਾਸਪੁਰ, 21 ਨਵੰਬਰ (DamanPreet Singh) – ਪੰਜਾਬ ਵਿੱਚ ਮੁੱਢਲੇ ਸਿਹਤ ਸੰਭਾਲ ਢਾਂਚੇ ਦੀ ਕਾਇਆ-ਕਲਪ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਆਲਮੀ ਪੱਧਰ ਉਤੇ ਮਾਨਤਾ ਮਿਲਣ ’ਤੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਸੂਬਾ ਵਾਸੀਆਂ ਨੂੰ ਵਧਾਈ ਦਿੱਤੀ ਹੈ। ਬੀਤੇ ਦਿਨੀਂ ਸੂਬੇ ਦੇ ਆਮ ਆਦਮੀ ਕਲੀਨਿਕਾਂ ਨੇ ਨੈਰੋਬੀ ਵਿੱਚ 14 ਤੋਂ 16 ਨਵੰਬਰ ਤੱਕ ਹੋਏ ਗਲੋਬਲ ਹੈਲਥ ਸਪਲਾਈ ਚੇਨ ਸੰਮੇਲਨ ਵਿੱਚ ਪਹਿਲਾ ਇਨਾਮ ਹਾਸਲ ਕੀਤਾ ਹੈ।

ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੂੰ ‘ਦਵਾਈਆਂ ਦੀ ਹਰੇਕ ਵਿਅਕਤੀ ਤੱਕ ਪਹੁੰਚ: ਪੰਜਾਬ ਤੋਂ ਇਕ ਅਧਿਐਨ’ ਵਿਸ਼ੇ ਹੇਠਲੇ ਦਸਤਾਵੇਜ਼ ਲਈ ਪਹਿਲਾ ਇਨਾਮ ਮਿਲਿਆ ਹੈ। ਉਨਾਂ ਕਿਹਾ ਕਿ ਇਸ ਕਾਨਫਰੰਸ ਵਿੱਚ 85 ਮੁਲਕਾਂ ਨੇ ਭਾਗ ਲਿਆ ਸੀ ਅਤੇ ਚਾਰ ਦੇਸ਼ਾਂ ਨੇ ਆਪਣੇ ਦਸਤਾਵੇਜ਼ ਦਾਖ਼ਲ ਕੀਤੇ ਸਨ, ਜਿਨਾਂ ਵਿੱਚੋਂ ਪੰਜਾਬ ਸਰਕਾਰ ਦੇ ਦਸਤਾਵੇਜ਼ ਨੂੰ ਅੰਤਮ ਪੇਸ਼ਕਾਰੀ ਲਈ ਚੁਣਿਆ ਗਿਆ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਆਮ ਆਦਮੀ ਕਲੀਨਿਕਾਂ ਦੀ ਸਫ਼ਲਤਾ ਦੀ ਕਹਾਣੀ ਦੱਸੀ ਅਤੇ ਦੱਸਿਆ ਕਿ ਕਿਵੇਂ ਪੰਜਾਬ ਸਰਕਾਰ ਨੇ ਮੁੱਢਲੀਆਂ ਸਿਹਤ ਸੰਭਾਲ ਸਹੂਲਤਾਂ ਵਿੱਚ ਤੇਜ਼ੀ ਨਾਲ ਵਾਧਾ ਕੀਤਾ ਅਤੇ ਮਿਆਰੀ ਸਿਹਤ ਸੰਭਾਲ ਸੇਵਾਵਾਂ ਦਿੱਤੀਆਂ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਦੀ ਜੇਤੂ ਐਂਟਰੀ ਵਿੱਚ ਵਿਗਿਆਨ ਉਤੇ ਜ਼ੋਰ, ਸਮੱਸਿਆਵਾਂ ਦੇ ਹੱਲ ਲਈ ਸੁਪਰ ਪੁਜ਼ੀਸ਼ਨਿੰਗ, ਹੱਲ ਤੇ ਪ੍ਰਭਾਵ ਦੀ ਸਪੱਸ਼ਟਤਾ, ਨਵੀਨ ਹੱਲ, ਸਿਆਸੀ ਇੱਛਾ ਸ਼ਕਤੀ ਕਿਵੇਂ ਮੁੱਢਲੇ ਸਿਹਤ ਸੰਭਾਲ ਢਾਂਚੇ ਦੀ ਕਾਇਆਕਲਪ ਲਈ ਸਹਾਈ, ਪ੍ਰਾਈਵੇਟ ਖ਼ੇਤਰ ਨਾਲ ਸਹਿਯੋਗ ਤੇ ਸੁਧਾਰਾਂ ਲਈ ਸਪੱਸ਼ਟ ਵਿਆਖਿਆ ਨੂੰ ਦਰਸਾਇਆ ਗਿਆ। ਉਨਾਂ ਕਿਹਾ ਕਿ ਇਸ ਸੰਮੇਲਨ ਦੇ ਭਾਈਵਾਲ ਮੁਲਕਾਂ ਨੇ ਇੱਛਾ ਜਤਾਈ ਕਿ ਉਹ ਪੰਜਾਬ ਆ ਕੇ ਆਮ ਆਦਮੀ ਕਲੀਨਿਕ ਦੇਖਣ ਦੇ ਇੱਛੁਕ ਹਨ ਅਤੇ ਉਹ ਇਹ ਗੱਲ ਸਮਝਣੀ ਚਾਹੁੰਦੇ ਹਨ ਕਿ ਕਿਵੇਂ ਮਰੀਜ਼ਾਂ ਨੂੰ ਬਿਨਾਂ ਕਿਸੇ ਖ਼ਰਚ ਦੇ ਉਨਾਂ ਦੇ ਘਰਾਂ ਦੇ ਨੇੜੇ 84 ਦਵਾਈਆਂ ਤੇ 40 ਕਲੀਨਿਕਲ ਟੈਸਟ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਭਾਈਵਾਲ ਮੁਲਕ ਇਸ ਗੱਲੋਂ ਵੀ ਹੈਰਾਨ ਸਨ ਕਿ ਸਾਰੇ ਆਮ ਆਦਮੀ ਕਲੀਨਿਕ ਆਈ.ਟੀ. ਨਾਲ ਲੈਸ ਹਨ ਅਤੇ ਰਜਿਸਟਰੇਸ਼ਨ, ਡਾਕਟਰ ਦੀ ਸਲਾਹ, ਟੈਸਟ ਤੇ ਦਵਾਈਆਂ ਪੂਰੀ ਤਰਾਂ ਡਿਜੀਟਾਈਜ਼ਡ ਹਨ।

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਇਹ ਸਭ ਕੁਝ ਮੁੱਖ ਮੰਤਰੀ ਜੀ ਦੀ ਯੋਗ ਅਗਵਾਈ ਅਤੇ ਦੂਰ-ਅੰਦੇਸ਼ੀ ਸੋਚ ਸਦਕਾ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਨਤਾ ਨੇ ਸੂਬੇ ਦੇ ਲੋਕਾਂ ਦੀ ਹੋਰ ਸਮਰਪਣ ਨਾਲ ਸੇਵਾ ਕਰਨ ਦਾ ਜਜ਼ਬਾ ਭਰਿਆ ਹੈ। ਉਨਾਂ ਕਿਹਾ ਕਿ ਭਵਿੱਖ ਵਿੱਚ ਅਜਿਹੀਆਂ ਹੋਰ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਤਾਂ ਕਿ ਇਨਾਂ ਲੋਕ-ਪੱਖੀ ਪਹਿਲਕਦਮੀਆਂ ਨਾਲ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਣਾ ਯਕੀਨੀ ਬਣੇ।

Leave a Reply

Your email address will not be published. Required fields are marked *