ਬੀਤੇ 2 ਸਾਲਾਂ `ਚ ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿੱਚ ਮਿਆਰੀ ਸਿਹਤ ਸਹੂਲਤਾਂ ਲਈ 32 ਕਰੋੜ ਰੁਪਏ ਦੇ ਪ੍ਰੋਜੈਕਟ ਲਿਆਂਦੇ – ਰਮਨ ਬਹਿਲ

ਗੁਰਦਾਸਪੁਰ ਪੰਜਾਬ

ਸਿਹਤ ਸੇਵਾਵਾਂ ਦੇ ਪੱਖ ਤੋਂ ਗੁਰਦਾਸਪੁਰ ਨੂੰ ਮੋਹਰੀ ਬਣਾਇਆ ਜਾਵੇਗਾ – ਰਮਨ ਬਹਿਲ

ਗੁਰਦਾਸਪੁਰ, 12 ਦਸੰਬਰ (DamanPreet singh) – ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਗੁਰਦਾਸਪੁਰ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਦੇ ਯਤਨ ਲਗਾਤਾਰ ਜਾਰੀ ਹਨ। ਸ੍ਰੀ ਬਹਿਲ ਵੱਲੋਂ ਬੀਤੇ ਦੋ ਸਾਲਾਂ ਵਿੱਚ ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿੱਚ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਸੂਬਾ ਸਰਕਾਰ ਵੱਲੋਂ 32 ਕਰੋੜ ਰੁਪਏ ਦੇ ਪ੍ਰੋਜੈਕਟ ਲਿਆਂਦੇ ਗਏ ਹਨ।

ਚੇਅਰਮੈਨ ਰਮਨ ਬਹਿਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਹੈ 32 ਕਰੋੜ ਰੁਪਏ ਦੇ ਪ੍ਰੋਜੈਕਟਾਂ ਵਿੱਚ ਮੁੱਖ ਤੌਰ `ਤੇ ਅਰਬਨ ਕਮਿਊਨਿਟੀ ਸੈਂਟਰ (ਪੁਰਾਣਾ ਸਿਵਲ ਹਸਪਤਾਲ) ਗੁਰਦਾਸਪੁਰ ਨੂੰ ਅਪਗਰੇਡ ਕਰਨ ਉੱਪਰ 3.50 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਇਸ ਤੋਂ ਇਲਾਵਾ ਐਕਸ-ਰੇ ਰੂਮ ਉੱਪਰ 5 ਲੱਖ ਰੁਪਏ, ਫੂਡ ਐਂਡ ਡਰੱਗ ਜ਼ੋਨਲ ਦਫ਼ਤਰ ਗੁਰਦਾਸਪੁਰ ਲਈ 60 ਲੱਖ ਰੁਪਏ, 50 ਬੈੱਡਡ ਜੱਚਾ-ਬੱਚਾ ਹਸਪਤਾਲ ਲਈ 10.50 ਕਰੋੜ ਰੁਪਏ, ਜ਼ਿਲ੍ਹਾ ਹਸਪਤਾਲ ਦੀ ਮੁਰੰਮਤ ਉੱਪਰ 2.50 ਲੱਖ ਰੁਪਏ, ਕ੍ਰਿਟੀਕਲ ਕੇਅਰ ਯੂਨਿਟ ਉੱਪਰ 16.75 ਕਰੋੜ ਰੁਪਏ, ਆਈ.ਪੀ.ਐੱਚ.ਐੱਲ. ਲੈਬ ਗੁਰਦਾਸਪੁਰ ਲਈ 38 ਲੱਖ ਰੁਪਏ ਅਤੇ ਅਲਟਰਾ ਸਾਊਂਡ ਮਸ਼ੀਨ ਲਈ 25 ਲੱਖ ਰੁਪਏ ਖ਼ਰਚ ਕੀਤੇ ਗਏ ਹਨ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਬੀਤੇ ਦਿਨੀਂ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ (ਬੱਬਰੀ) ਵਿਖੇ 1.34 ਕਰੋੜ ਰੁਪਏ ਦੀ ਲਾਗਤ ਨਾਲ ਆਰ.ਟੀ.ਪੀ.ਸੀ.ਆਰ. ਲੈਬਾਰਟਰੀ ਸਥਾਪਿਤ ਕੀਤੀ ਗਈ ਹੈ ਜਿਸ ਦਾ ਆਮ ਜਨਤਾ ਨੂੰ ਬਹੁਤ ਲਾਭ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਲੈਬ ਵਿੱਚ ਹੁਣ ਕੋਵਿਡ-19, ਐੱਚ ਵਨ ਐਨ ਵਨ, ਇੰਫਲੂਐਂਜਾ, ਵਾਇਰਲ ਇਨਫੈਕਸ਼ਨ ਦੇ ਕਰੀਬ 50 ਟੈੱਸਟ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕੋਵਿਡ-19, ਸਵਾਈਨ ਫਲੂ ਆਦਿ ਦੇ ਟੈੱਸਟ ਸੈਂਪਲ ਅੰਮ੍ਰਿਤਸਰ ਮੈਡੀਕਲ ਕਾਲਜ ਭੇਜੇ ਜਾਂਦੇ ਸਨ। ਇਸ ਲੈਬ ਦੇ ਸ਼ੁਰੂ ਹੋਣ ਨਾਲ ਹੁਣ ਇਹ ਸਾਰੇ ਟੈੱਸਟ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਵਿਖੇ ਹੋ ਜਾਣਗੇ ਜਿਸ ਨਾਲ ਮਰੀਜ਼ਾਂ ਦੀ ਮੁਸ਼ਕਲ ਖ਼ਤਮ  ਹੋ ਗਈ ਹੈ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਬੱਚਿਆਂ ਦੀ ਸਿਹਤ ਸਹੂਲਤ ਲਈ ਜ਼ਿਲ੍ਹਾ ਹਸਪਤਾਲ ਵਿੱਚ ਡਿਸਟ੍ਰਿਕਟ ਅਰਲੀ ਇੰਟਰਵੇਂਸ਼ਨ ਸੈਂਟਰ ਬਣਾਇਆ ਜਾ ਰਿਹਾ ਹੈ ਜਿਸ ਉੱਪਰ ਕੁੱਲ 1.30 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਅਗਲੇ 10 ਮਹੀਨਿਆਂ ਵਿੱਚ ਇਹ ਸੈਂਟਰ ਬਣ ਕੇ ਤਿਆਰ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਵਿੱਚ 6 ਸਾਲ ਤੱਕ ਦੇ ਬੱਚਿਆਂ ਦੇ ਇਲਾਜ ਦਾ ਪ੍ਰਬੰਧ ਹੋਵੇਗਾ। ਵੱਖ-ਵੱਖ ਸਿਹਤ ਸੰਸਥਾਵਾਂ ਅਤੇ ਆਰ.ਬੀ.ਐੱਸ.ਕੇ. ਟੀਮਾਂ ਵੱਲੋਂ ਜਿਨ੍ਹਾਂ ਬੱਚਿਆਂ ਦੀ ਬਿਮਾਰੀਆਂ ਅਤੇ ਸਰੀਰਕ ਕਮੀ ਦੀ ਸ਼ਨਾਖ਼ਤ ਕੀਤੀ ਜਾਵੇਗੀ ਅਤੇ ਉਨ੍ਹਾਂ ਦਾ ਇਲਾਜ ਵੀ ਏਥੇ ਕੀਤਾ ਜਾਵੇਗਾ ।

ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਨਿਰਮਾਣ ਅਧੀਨ ਐਮ.ਸੀ.ਐੱਚ (ਮਦਰ ਐਂਡ ਚਾਈਲਡ ਹੈਲਥ) ਵਿੰਗ ਦੀ ਬਿਲਡਿੰਗ ਵੀ ਆਉਂਦੀ ਫਰਵਰੀ ਮਹੀਨੇ ਮੁਕੰਮਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਨਵੇਂ ਸਾਲ ਦੇ ਸ਼ੁਰੂਆਤੀ ਮਹੀਨਿਆਂ ਵਿੱਚ ਹੀ ਇਹ ਵਿੰਗ ਵੀ ਇਲਾਜ ਲਈ ਉਪਲਬਧ ਹੋਵੇਗਾ। ਉਨ੍ਹਾਂ ਕਿਹਾ ਕਿ ਕ੍ਰਿਟੀਕਲ ਕੇਅਰ ਸੈਂਟਰ ਵੀ ਜਲਦ ਪੂਰਾ ਹੋ ਜਾਵੇਗਾ।

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦਾ ਧੰਨਵਾਦ ਕਰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਲੋਕਾਂ ਦੀ ਭਲਾਈ ਲਈ ਉਠਾਈ ਗਈ ਹਰ ਮੰਗ ਨੂੰ ਸੂਬਾ ਸਰਕਾਰ ਨੇ ਪੂਰਾ ਕੀਤਾ ਹੈ ਜਿਸ ਲਈ ਉਹ ਰਾਜ ਸਰਕਾਰ ਦੇ ਦਿਲੋਂ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਸਿਹਤ ਸੇਵਾਵਾਂ ਦੇ ਪੱਖ ਤੋਂ ਗੁਰਦਾਸਪੁਰ ਨੂੰ ਮੋਹਰੀ ਬਣਾਇਆ ਜਾਵੇਗਾ।

Leave a Reply

Your email address will not be published. Required fields are marked *