ਰਿਪੋਰਟਰ –ਰੋਹਿਤ ਗੁਪਤਾ
ਗੁਰਦਾਸਪੁਰ
ਹਾਇਟੈਕ ਹੋ ਚੁੱਕੀ ਦੁਨੀਆ ਵਿਚ ਸਾਈਬਰ ਠੱਗ ਵੀ ਬਹੁਤ ਹਾਈਟੈਕ ਹੋ ਗਏ ਹਨ ਅਤੇ ਕਈ ਤਰ੍ਹਾ ਦੇ ਹਾਇਟੈਕ ਤਰੀਕਿਆਂ ਨਾਲ ਭੋਲੇ ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਆਏ ਦਿਨ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ ਕਿ ਸਾਈਬਰ ਠੱਗਾਂ ਵੱਲੋਂ ਅਰਾਮ ਨਾਲ ਲੋਕਾਂ ਨੂੰ ਮੂਰਖ ਬਣਾ ਕੇ ਲੱਖਾਂ ਰੁਪਏ ਆਪਣੇ ਖਾਤਿਆਂ ਵਿਚ ਪੁਆ ਲਏ ਜਾਂਦੇ ਹਨ ਪਰ ਹੁਣ ਸਾਈਬਰ ਠੱਗਾਂ ਦੀ ਠੱਗੀ ਦਾ ਮੁਕਾਬਲਾ ਕਰਨ ਵਿੱਚ ਪੁਲੀਸ ਵੀ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਹੈ। ਜੇਕਰ ਸਮਾਂ ਰਹਿੰਦੇ ਇਹਨਾਂ ਸਾਇਬਰ ਠੱਗਾਂ ਦੀ ਸੂਚਨਾ ਪੁਲਿਸ ਦੇ ਸਾਈਬਰ ਸੈੱਲ ਨੂੰ ਦੇ ਦਿੱਤੀ ਜਾਵੇ ਤਾਂ ਲੋਕਾਂ ਨੂੰ ਉਨ੍ਹਾਂ ਵੱਲੋਂ ਠੱਗੇ ਗਏ ਪੈਸੇ ਵਾਪਸ ਮਿਲ ਸਕਦੇ ਹਨ। ਗੁਰਦਾਸਪੁਰ ਦੇ ਸਾਈਬਰ ਕਰਾਈਮ ਸੈਲ ਨੇ ਹੁਣ ਤੱਕ ਠੱਗੀ ਦੇ ਆਏ 428 ਕੇਸਾਂ ਵਿੱਚੋਂ 230 ਕੇਸ ਸੁਲਝਾ ਕੇ ਲੋਕਾਂ ਦਾ 45 ਲੱਖ ਰੁਪਿਆ ਵਾਪਸ ਵੀ ਕਰਵਾ ਦਿੱਤਾ ਹੈ। (ਤਸਵੀਰਾਂ ਵਿਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸਾਈਬਰ ਸੈੱਲ ਕੰਮ ਕਰਦਾ ਹੈ।)
ਇਸ ਸੰਬੰਧ ਵਿਚ ਜਦੋਂ ਡੀ ਐਸ ਪੀ ਰਿਪੁਤਪਨਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦੀਆਂ ਜਿਲਾ ਗੁਰਦਾਸਪੁਰ ਪੁਲਿਸ ਨੂੰ 428 ਸ਼ਿਕਾਇਤਾਂ ਆ ਚੁੱਕੀਆਂ ਹਨ ਜਿਨ੍ਹਾਂ ਵਿੱਚੋ 230 ਸ਼ਿਕਾਇਤਾ ਦਾ ਨਿਪਟਾਰਾ ਕਰਕੇ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦਾ 45 ਲੱਖ ਰੁਪਿਆ ਵਾਪਸ ਦਵਾਇਆ ਜਾ ਚੁੱਕਿਆ ਹੈ। ਸਭ ਤੋਂ ਵੱਡੀ ਠੱਗੀ ਦਾ ਇੱਕ ਕੇਸ ਗੁਰਦਾਸਪੁਰ ਦੀ ਥਾਣਾ ਸਿਟੀ ਪੁਲੀਸ ਨੇ ਸੁਲਝਾਇਆ ਜਿਸ ਵਿਚ ਅਗਸਤ ਮਹੀਨੇ ਵਿਚ ਟਾਵਰ ਲਗਾਉਣ ਦੇ ਨਾਂ ਤੇ 35 ਲੱਖ ਰੁਪਏ ਇਕ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਏ ਵਿਅਕਤੀ ਕੋਲੋਂ ਠੱਗੇ ਗਏ ਸਨ। ਮਾਮਲੇ ਵਿਚ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ।ਉਨ੍ਹਾਂ ਦੱਸਿਆ ਕਿ ਸਾਈਬਰ ਠੱਗ ਅਕਸਰ ਸੋਸ਼ਲ ਸਾਈਟਾਂ ਤੋਂ ਫੋਨ ਨੰਬਰ ਲੈ ਕੇ ਲੋਕਾਂ ਨਾਲ ਸੰਪਰਕ ਕਰਦੇ ਹਨ ਅਤੇ ਉਹਨਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦੇ ਹਨ। ਜੇ ਕੋਈ ਇਸ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਤੁਰੰਤ ਆਪਣਾ ਬੈਂਕ ਖਾਤਾ ਬਲਾਕ ਕਰਵਾਏ ਅਤੇ ਠੱਗੀ ਦੀ ਸੂਚਨਾ ਨਜ਼ਦੀਕੀ ਪੁਲਿਸ ਥਾਣੇ ਦੇ ਨਾਲ ਨਾਲ ਹੈਲਪਲਾਈਨ ਨੰਬਰ 1930 ਤੇ ਦੇਵੇ।